Best Punjabi Poetry Khaaba De Rangle Palang | Punjabi Kavita
ਖੁਆਬਾਂ ਦੇ ਰੰਗਲੇ ਪਲੰਗ ਉੱਤੇ
ਖੁਆਬਾਂ ਦੇ ਰੰਗਲੇ ਪਲੰਗ ਉੱਤੇ
ਅਸੀਂ ਗੂੜੀ ਨੀਂਦੇ ਸੁੱਤੇ ਸੀ
ਇੱਕ ਸੂਰਜ ਦੁਨੀਆਂਦਾਰੀ ਦਾ
ਆ ਪਾਵੇ ਉੱਤੇ ਬਹਿ ਗਿਆ ਜੀ
ਸਾਨੂੰ ਕੱਚੀ ਨੀਂਦੇ ਉੱਠਣਾ ਪੈ ਗਿਆ
ਹਰ ਖੁਆਬ ਅਧੂਰਾ ਰਹਿ ਗਿਆ ਜੀ
ਤੇਰਾ ਹਰ ਸੁਫਨਾ ਟੁੱਟ ਜਾਣਾ
ਇਹ ਗੱਲ ਉਹ ਸਾਨੂੰ ਕਹਿ ਗਿਆ ਜੀ
ਸਭ ਸੁਨ ਕੇ ਧੜਕਣਾਂ ਰੁੱਕ ਗਈਆਂ
ਮੈਂ ਚੁੱਪ – ਚਪੀਤਾ ਰਹਿ ਗਿਆ ਜੀ
ਅਸੀਂ ਨਾਲ ਹੌਂਸਲੇ ਜਵਾਬ ਦਿੱਤਾ
ਕੀ ਸੌਦੇ ਕਰਨੈ ਲੇਖਾਂ ਦੇ ?
ਸਾਡਾ ਵੀ ਮੁਰਸ਼ੱਦ ਡਾਡਾ ਏ
ਅਸੀਂ ਦਿਨ ਵਿੱਚ ਸੁਫ਼ਨੇ ਵੇਖਾਂਗੇ
ਹੈ ਲੱਗੀ ਵਾਲੇ ਨੂੰ ਸ਼ਰਮ ਸਾਡੀ
ਨਹੀਂ ਛੱਡਦਾ ਅੱਧ ਵਿਚਕਾਰ ਸਾਨੂੰ
ਤੇਰੇ ਬੇਗ਼ੈਰਤ ਜਿਹੇ ਲੋਕਾਂ ਦਾ
ਫੱਟ ਸਹਿਣਾ ਪਿਆ ਹਰ ਵਾਰ ਸਾਨੂੰ
ਹੁਣ ਕਿਰਪਾ ਰੱਬ ਦੀ ਨਾਲ ਕੈਦੋਂ
ਨਹੀਂ ਖੇੜੇ ਸਕਦੇ ਮਾਰ ਸਾਨੂੰ
ਫਿਰ ਪਾਈਆਂ ਜਦੋਂ ਦੁਪਹਿਰਾਂ ਨੇ
ਸੂਰਜ ਵੀ ਚਮਕਿਆ ਕਹਿਰਾਂ ਤੇ
ਅਸੀਂ ਫੁੱਲਾਂ ਵਾਂਗ ਮੁਰਝਾ ਗਏ ਸੀ
ਕੁਝ ਪੱਲ ਲਈ ਤਾਂ ਘਬਰਾ ਗਏ ਸੀ
ਸਾਨੂੰ ਚੰਗਾ ਵੇਲਾ ਵਿਸਰ ਗਿਆ
ਸਾਡੇ ਦਿਨ ਜੋ ਮਾੜੇ ਆ ਗਏ ਸੀ
ਜ਼ੁਲਮ ਵੇਖ ਕੇ ਦੁਨੀਆਂਦਾਰੀ ਦਾ
ਪਹਿਲਾਂ ਤਾਂ ਚੱਕਰ ਖਾ ਗਏ ਸੀ
ਫਿਰ ਗਾਂਡੇ ਦੇ ਕੇ ਆਸਾਂ ਨੂੰ
ਅਸੀਂ ਹੋਸ਼ ਸੁਰਤ ਵਿਚ ਆ ਗਏ ਸੀ
ਬੜਾ ਮਾਨ ਸੀ ਤੈਨੂੰ ਤਪਸ਼ ਉੱਤੇ
ਉਹ ਹੌਲੀ – ਹੌਲੀ ਢੱਲ ਗਈ ਏ
ਤੇਰੀ ਤਿੱਖੀ ਸ਼ਿਖਰ ਦੁਪਹਿਰ ਜਿਹੜੀ
ਹੁਣ ਸ਼ਾਮਾਂ ਦੇ ਨਾਲ ਰੱਲ ਗਈ ਏ
ਪੰਛੀ ਜਾ ਵੜੇ ਨੇ ਆਲ੍ਹਣਿਆਂ ਵਿਚ
ਤੇ ਸੋਂ ਗਈ ਇਹ ਦੁਨੀਆਂ ਸਾਰੀ ਏ
ਮੁੜ ਆ ਗਈ ਏ ਰੁੱਤ ਨੀਂਦਾਂ ਦੀ
ਸੁਫਨਿਆਂ ਨੂੰ ਚੜੀ ਖ਼ੁਮਾਰੀ ਏ
ਆਖਿਰ ਨੂੰ “ਗੁਰਪਿੰਦਰਾ” ਵੇ
ਤੇਰੇ ਸੱਚ ਨੇ ਬਾਜ਼ੀ ਮਾਰੀ ਏ
Average Rating